Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaabaa. ਅਰਬ ਦੇਸ਼ ਦੇ ਮੱਕੇ ਸ਼ਹਿਰ ਵਿਚ ਮੁਸਲਮਾਨਾਂ ਦਾ ਮੁੱਖ ਧਰਮ ਸਥਾਨ। a pious place of Muslims in Makka. ਉਦਾਹਰਨ: ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ Raga Maajh 1, Vaar 7ਸ, 1, 1:3 (P: 140).
|
SGGS Gurmukhi-English Dictionary |
Kaabaa, the Temple of Mecca ( a place of Muslim pilgrimage).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [کعبہ] ਕਅ਼ਬਹ. ਅ਼ਰਬ ਦੇ ਮੱਕੇ ਸ਼ਹਿਰ ਵਿੱਚ ਮੁਸਲਮਾਨਾਂ ਦਾ ਧਰਮਮੰਦਿਰ, ਜੋ ਇਸਲਾਮੀ ਕਿਤਾਬਾਂ ਅਨੁਸਾਰ ਪਹਿਲਾਂ ਹਜਰਤ ਆਦਮ ਨੇ ਬਣਾਇਆ.{584} ਨੂਹ ਵਾਲੇ ਤੂਫਾਨ ਵਿੱਚ ਇਹ ਡਿਗਪਿਆ, ਅਤੇ ਮੁੜ ਇਬਰਾਹੀਮ ਨੇ ਉਸਾਰਿਆ. ਫੇਰ ਕਈ ਵੇਰ ਡਿੱਗਾ ਅਤੇ ਬਣਿਆ. ਇੱਕ ਵੇਰ ਮੁਹੰਮਦ ਸਾਹਿਬ ਨੇ ਭੀ ਇਸ ਦੀ ਨਵੀਂ ਇਮਾਰਤ ਦੀ ਨਿਉਂ ਰੱਖੀ ਸੀ. ਦੇਖੋ- ਮੁਹੰਮਦ. ਕਾਬਾ ਸਨ ਹਿਜਰੀ ੬੫ ਵਿੱਚ ਭੀ ਨਵੇਂ ਸਿਰੇ ਚਿਣਿਆ ਗਿਆ ਹੈ. ਇਸ ਮੰਦਿਰ ਵਿੱਚ ਅਨੇਕ ਬੁਤਾਂ ਦੀ ਪੂਜਾ ਹੁੰਦੀ ਸੀ, ਜਿਨ੍ਹਾਂ ਨੂੰ ਹਜਰਤ ਮੁਹੰਮਦ ਨੇ ਬਾਹਰ ਕੱਢਿਆ. ਸਨ ੧੦੪੦ ਵਿੱਚ ਰੂਮ ਦੇ ਉਸਮਾਨੀ ਪਾਤਸ਼ਾਹ “ਸੁਲਤਾਨ ਮੁਰਾਦ ਚੌਥੇ” ਨੇ ਕਾਬੇ ਨੂੰ ਨਵੇਂ ਸਿਰੇ ਬਣਾਇਆ ਜੋ ਹੁਣ ਤਕ ਕਾਇਮ ਹੈ. ਇਸ ਮੰਦਿਰ ਦੀ ਪੂਰਵ ਵੱਲ ਦੀ ਬਾਹੀ ਜਿੱਧਰ ਦਰਵਾਜਾ ਹੈ ੩੩ ਗਜ ਲੰਮੀ ਹੈ, ਪੱਛਮ ਦੀ ੩੧ ਗਜ, ਉੱਤਰ ਦੀ ੨੨ ਅਤੇ ਦੱਖਣ ਦੀ ੨੦ ਗਜ ਹੈ. ਬੁਲੰਦੀ ੩੫ ਫੁਟ ਹੈ. ਚਿਣਾਈ ਭੂਰੇ ਰੰਗ ਦੇ ਪੱਥਰ ਦੀ ਚੂਨੇ ਨਾਲ ਹੋਈ ਹੈ. ਕੁਰਸੀ ਦੋ ਫੁੱਟ ਉੱਚੀ ਹੈ. ਛੱਤ ਚਪਟੀ ਹੈ. ਇਸ ਦਾ ਦਰਵਾਜ਼ਾ ਖ਼ਾਸ ਤਿਉਹਾਰਾਂ ਸਮੇਂ ਹੀ ਖੁਲਦਾ ਹੈ ਜਦ ਯਾਤ੍ਰੀ ਲੋਕ ਆਉਂਦੇ ਹਨ, ਨਹੀਂ ਤਾਂ ਬੰਦ ਰਹਿੰਦਾ ਹੈ. ਦੱਖਣ ਪੂਰਵ ਵੱਲ ਦਾ ਜੋ ਮੰਦਿਰ ਦਾ ਕੋਣਾ ਹੈ, ਉਸ ਵਿੱਚ ਜ਼ਮੀਨ ਤੋਂ ੫ ਫੁੱਟ ਉੱਚਾ “ਸੰਗੇ ਅਸਵਦ” (ਕਾਲਾ ਪੱਥਰ) ਜੜਿਆ ਹੋਇਆ ਹੈ, ਜਿਸ ਨੂੰ ਹਾਜੀ ਚੁੰਮਦੇ ਹਨ. ਦੱਖਣ ਦੇ ਕੋਣੇ ਵਿੱਚ ਇੱਕ ਹੋਰ ਪੱਥਰ ਹੈ, ਜਿਸ ਦਾ ਨਾਉਂ “ਰੁਕਨੁਲਯਮਾਨ” ਹੈ. ਇਸ ਨੂੰ ਯਾਤ੍ਰੀ ਲੋਕ ਸੱਜੇ ਹੱਥ ਨਾਲ ਛੁੰਹਦੇ ਹਨ. ਦਰਵਾਜ਼ੇ ਦੇ ਪਾਸ ਮੰਦਿਰ ਦੀ ਦੀਵਾਰ ਦੇ ਨਾਲ ਲਗਦਾ ਇੱਕ ਸੰਗਮਰਮਰ ਦੇ ਹਾਸ਼ੀਏ ਵਾਲਾ ਗਹਿਰਾ ਮਕਾਮ ਹੈ, ਜਿਸ ਉੱਪਰ ਤਿੰਨ ਆਦਮੀ ਖੜੇ ਹੋਸਕਦੇ ਹਨ. ਆਖਦੇ ਹਨ ਕਿ ਇਸ ਥਾਂ ਇਬਰਾਹੀਮ ਨੇ ਇਸਮਾਈਲ ਸਮੇਤ ਈਸ਼੍ਵਰ ਅੱਗੇ ਪ੍ਰਾਰਥਨਾ ਕੀਤੀ ਸੀ. ਕਾਬੇ ਦੇ ਚਾਰੇ ਪਾਸੇ ਪਰਕੰਮਿਆਂ (ਪਰਿਕ੍ਰਮਾ) ਲਈ ਖੁਲੀ ਥਾਂ ਹੈ ਅਤੇ ਸੁੰਦਰ ਵਲਗਣ (ਚਹਾਰਦੀਵਾਰੀ) ਹੈ. ਕਾਬੇ ਦਾ ਮੰਦਿਰ ਸਿਆਹ ਸੂਤਮਿਲੇ ਰੇਸ਼ਮੀ ਗਿਲਾਫ ਨਾਲ ਢਕਿਆ ਰਹਿੰਦਾ ਹੈ, ਜਿਸ ਉੱਤੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਹਨ.{585} “ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾ ਮੱਕਾ ਕਾਬਾ.” (ਭਾਗੁ) “ਕਾਬਾ ਘਟ ਹੀ ਭੀਤਰਿ.” (ਆਸਾ ਕਬੀਰ) ਦੇਖੋ- ਅਸਵਦ, ਇਬਰਾਹੀਮ ਹੱਜ, ਮੱਕਾ ਅਤੇ ਮੁਹੰਮਦ. Footnotes: {584} ਕਾਬਾ ਨਾਮ ਅਰਬ ਦੇ ਬੁਤ ਪਰਸ੍ਤਾਂ ਦਾ ਰੱਖਿਆ ਹੋਯਾ ਹੈ, ਮੁਹੰਮਦ ਸਾਹਿਬ ਨੇ ਇਸ ਦਾ ਨਾਮ “ਬੈਤੁੱਲਾ” (ਅੱਲਾ ਦਾ ਘਰ) ਥਾਪਿਆ. {585} ਇਹ ਗਿਲਾਫ ਮਿਸਰ ਤੋਂ ਬਣਕੇ ਆਇਆ ਕਰਦਾ ਹੈ, ਹੱਜਾਜ਼ ਦੇ ਬਾਦਸ਼ਾਹ ਨੇ ਹਿੰਦੁਸਤਾਨ ਤੋਂ ਭੀ ਬਣਵਾਕੇ ਮੰਗਵਾਇਆ ਸੀ. ਇਸ ਦਾ ਨਾਮ “ਕਿਸਵਾ” ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|