Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaṛee. 1. ਪਲ, ਸਮੇਂ ਦੀ ਵੰਡ ਦੀ ਇਕ ਨਿਕੀ ਇਕਾਈ। 2. ਬਣਾਈ, ਰਚੀ। 3. ਘੜਾ। ਉਦਾਹਰਨਾ: 1. ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ Raga Sireeraag 3, 56, 3:2 (P: 35). ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ (ਸਮਾਂ). Raga Dhanaasaree 5, 46, 1:1 (P: 682). ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ Raga Raamkalee 5, Rutee Salok, 1:2 (P: 927). 2. ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ Raga Maajh 1, Vaar 2, Salok, 1, 1:5 (P: 138). 3. ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥ Raga Gaurhee, Kabir, 50, 2:2 (P: 333). ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ (ਦੇਹ ਰੂਪੀ ਘੜਾ). Salok, Farid, 68:1 (P: 1381).
|
English Translation |
(1) n.f. a unit of time equal to 22.5 minutes; watch, clock, time-piece; small pitcher; cf. ਘੜਾ1.
|
Mahan Kosh Encyclopedia |
{814} ਨਾਮ/n. ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ- ਕਾਲਪ੍ਰਮਾਣ. “ਏਕ ਘੜੀ ਆਧੀ ਘਰੀ.” (ਸ. ਕਬੀਰ) ਦੇਖੋ- ਚਉਸਠ ਘੜੀ। 2. ਮੱਘੀ. ਕਲਸ਼ੀ. “ਲਾਜੁ ਘੜੀ ਸਿਉ ਤੂਟਿਪੜੀ.” (ਗਉ ਕਬੀਰ) ਦੇਹ ਘੜੀ, ਰੱਸੀ ਉਮਰ। 3. ਘੜੀ ਘੰਟਾ ਆਦਿਕ ਸਮਾਂ (ਵੇਲਾ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ (Sundial) ਅਤੇ ਜਲਘੜੀ (Clepsydra) ਪੁਰਾਣੇ ਵਿਦ੍ਵਾਨਾਂ ਨੇ ਬਣਾਈ, ਜਿਨ੍ਹਾਂ ਦਾ ਜਿਕਰ ‘ਗੋਲਾਧ੍ਯਾਯ’ ਆਦਿ ਜੋਤਿਸ਼ ਦੇ ਪ੍ਰਾਚੀਨ ਸੰਸਕ੍ਰਿਤਗ੍ਰੰਥਾਂ ਵਿੱਚ ਪਾਇਆਜਾਂਦਾ ਹੈ.{815} ਬਾਲੂਘੜੀ (Sandglass) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ (Clock, Timepਇce, Pocket watch) ਵਿਦੇਸ਼ੀਆਂ ਦੀ ਕਾਢ ਹੈ. ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ (Henry de Wyck) ਨਾਮੇ ਜਰਮਨ ਨੇ ਸਨ ੧੩੧੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ, ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ, ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤਕ ਲਗਾਤਾਰ ਹੁੰਦੀਆਂ ਆਈਆਂ ਹਨ, ਪਰ ਸ਼ਲਾਘਾ ਯੋਗ ਵਿਸ਼ੇਸ਼ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ (Huygens) ਨੇ, ੧੬੬੬ ਵਿੱਚ ਡਾਕਟਰ ਹੁਕ (Hooke) ਨੇ, ੧੭੧੫ ਵਿੱਚ ਗ੍ਰੈਹਮ (Graham) ਨੇ, ਅਰ ੧੭੨੬ ਵਿੱਚ ਹੈਰੀਸਨ (Harrison) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ, ਅਰਥਾਤ- ਜੇਬ ਘੜੀਆਂ,{816} ਕੰਧ ਘੜੀਆਂ, ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨ ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ, ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀਹੋਈ ਕਮਾਣੀ, ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋਗਈ ਸੀ, ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ. ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ, ਅਤੇ ਲੰਡਨ ਦੇ ਬਿਲੌਰ ਮਹਲ (Crystal Palace) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟਰੀ, ਨ੍ਯੂਯਾਰਕ (ਅਮ੍ਰੀਕਾ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ. ਪਾਰਲੀਮੈਂਟ ਘਰ (ਲੰਡਨ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ, ਜਿਨ੍ਹਾਂ ਦੀ ਸ਼ਿਖਰ ਪੁਰ “ਬਿਗਬੈਨ” ਨਾਮੇ ਘੜੀ ਲੱਗੀ ਹੋਈ ਹੈ, ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀਤਰਾਂ ਮਲੂਮ ਹੋਸਕਦਾ ਹੈ. ਇਸ ਘੜੀ ਦੇ ਚਾਰ ਮੁਖ (Dial) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ (Pendulum) ਦਾ ਵਜ਼ਨ ਪੰਜ ਮਣ ਪੱਚੀ ਸੇਰ (੪੫੦ ਪੌਂਡ) ਹੈ ਹਰ ਇੱਕ ਹਿੰਦਸਾ (ਅੰਗ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕਾ (ਸਾਢੇ ੨੩ ਟਨ) ਹੈ, ਅਰ ਜਿਸ ਹਥੌੜੇ ਨਾਲ ਇਹ ਖੜਕਦਾ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕਾ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈਜਾਂਦੀ ਹੈ, ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ. ਪਿਛਲੇ ਸਾਲ (੧੯੨੭ ਵਿੱਚ) ਇੱਕ ਅਤ੍ਯੰਤ ਅਦਭੁਤ ਘੜੀ, ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾਗਿਆ ਹੈ, ਆਸਟ੍ਰੀਆ ਦੀ ਰਾਜਧਾਨੀ, ਵੀਐਨਾ ਵਿਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ, ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬ ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ, ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ, ਤਾਂ ਝਟ ਇੱਕ ਵਿਸ਼ੇਸ਼ ਬੁਤ ਸਨਮੁਖ ਆ ਜਾਂਦਾ, ਅਰ ਠੀਕ ਘੰਟਾ ਭਰ ਦ੍ਰਿਸ਼੍ਟਿਗੋਚਰ ਰਹਿਂਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਖ਼ਾਸ (ਵਿਸ਼ੇਸ਼) ਸੰਗੀਤ ਭੀ ਵਜਦਾ ਰਹਿੰਦਾ ਹੈ. ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ (ਘੜੀਆਂ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ. Footnotes: {814} गुर्वक्षरैः खेन्दुमितै रसुस्तैः षड्भिः पलंस्याद् घटिका खषड्भिः । (ਜ੍ਯੋਤਿਸ਼)#ਦਸ ਗੁਰੂ ਅੱਖਰਾਂ ਦੇ ਉੱਚਾਰਣ ਨੂੰ ਜਿਤਨਾ ਸਮਾ ਲਗਦਾ ਹੈ, ਉਹ ਇੱਕ ਅਸੁ (ਪ੍ਰਾਣ-ਸ੍ਵਾਸ) ਹੁੰਦਾ ਹੈ. ਛੀ ਪ੍ਰਾਣਾ ਦਾ ਇੱਕ ਪਲ, ਸੱਠ ਪਲ ਦੀ ਇੱਕ ਘੜੀ. {815} ਦੇਖੋ- ਜਲਘੜੀ. {816} ਜੇਬਘੜੀ ਸਭ ਤੋਂ ਪਹਿਲਾਂ ਨਰਨਬਰਗ (Nurunberg-Bavaria) ਦੇ ਕਾਰੀਗਰ ਪੀਟਰਹੋਲ (Peter Hole) ਨੇ ਪੰਦ੍ਰਵੀਂ ਸਦੀ ਦੇ ਵਿਚਕਾਰ ਕੱਢੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|