Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raamaanaᴺḋ. ਵੈਰਾਗੀ ਆਚਾਰੀਆਂ ਦਾ ਗੁਰੂ ਜਿਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਵਿਚ ਦਰਜ ਹੈ। ‘Ramanand’ whose one composition is included in Sri Guru Granth Sahib. ਉਦਾਹਰਨ: ਰਾਮਾਨੰਦ ਸੁਆਮੀ ਰਮਤ ਬ੍ਰਹਮ ॥ Raga Basant, Raamaanand, 1, 3:1 (P: 1195).
|
Mahan Kosh Encyclopedia |
ਰਾਮ-ਆਨੰਦ. ਆਤਮ ਆਨੰਦ। 2. ਵੈਰਾਗੀਆਂ ਦਾ ਆਚਾਰਯ, ਜਿਸ ਦੀ ਸੰਖੇਪਕਥਾ ਇਹ ਹੈ- ਕਾਨ੍ਯਕੁਬਜ ਬ੍ਰਾਹਮਣ ਭੂਰਿਕਰਮਾ ਦੇ ਘਰ ਸੁਸ਼ੀਲਾ ਦੇ ਉਦਰ ਤੋਂ ਇਸ ਦਾ ਜਨਮ ਸੰਮਤ ੧੪੨੩ ਵਿੱਚ ਪ੍ਰਯਾਗ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਰਾਮਦੱਤ ਰੱਖਿਆ. ਰਾਮਾਨੁਜ ਦੀ ਸੰਪ੍ਰਦਾਯ ਦੇ ਪ੍ਰਸਿੱਧ ਪ੍ਰਚਾਰਕ ਰਾਘਵਾਨੰਦ ਦਾ ਚੇਲਾ ਹੋਕੇ ਰਾਮਾਨੰਦ ਨਾਮ ਤੋਂ ਮਸ਼ਹੂਰ ਹੋਇਆ. ਕਾਸ਼ੀ ਵਿੱਚ ਗੰਗਾ ਦੇ ਪੰਜਾਂਗ ਘਾਟ ਤੇ ਰਹਿਕੇ ਇਸ ਵਿਦ੍ਵਾਨ ਮਹਾਤਮਾ ਨੇ ਬਹੁਤ ਧਰਮਪ੍ਰਚਾਰ ਕੀਤਾ ਅਤੇ ਇਸ ਦੇ ਚੇਲੇ ਕਬੀਰ ਆਦਿਕ ਭਾਰਤ ਦੇ ਅਮੋਲਕ ਰਤਨ ਹੋਏ ਹਨ. ਗੁਰੁਪਰੰਪਰਾ ਇਉਂ ਹੈ- ਸ਼੍ਰੀ ਰਾਮਾਨੁਜ । ਦੇਵਾਨੰਦ । ਹਰਿਆਨੰਦ । ਰਾਘਵਾਨੰਦ । ਰਾਮਾਨੰਦ ਰਾਮਾਨੰਦ ਤੋਂ ਹੀ ਵੈਰਾਗੀ ਸਾਧੂਆਂ ਦਾ ਫਿਰਕਾ “ਰਾਮਾਤ” ਅਥਵਾ- “ਰਾਮਾਵਤ” ਚੱਲਿਆ ਹੈ, ਜੋ ਰਾਮਾਨੁਜ ਦੀ ਦੱਸੀ ਲਕ੍ਸ਼ਮੀ ਨਾਰਾਯਣ ਉਪਾਸਨਾ ਦੀ ਥਾਂ, ਸੀਤਾ ਰਾਮ ਦੀ ਉਪਾਸਨਾ ਕਰਦਾ ਹੈ. ਅਤੇ ਜਾਤਿ ਅਰ ਖਾਣ ਦੀ ਪਾਬੰਦੀ ਸ਼੍ਰੀਵੈਸ਼ਨਵਾਂ ਜੇਹੀ ਨਹੀਂ ਰਖਦਾ. ਰਾਮਾਨੰਦ ਪਹਿਲਾਂ ਮੂਰਤਿਪੂਜਕ ਸੀ, ਪਰ ਅੰਤਲੀ ਅਵਸ੍ਥਾ ਵਿੱਚ ਸਾਰੇ ਭ੍ਰਮ ਤਿਆਗਕੇ ਪੂਰਣਗ੍ਯਾਨੀ ਹੋਇਆ ਹੈ. ਦੇਖੋ- ਬਸੰਤ ਰਾਗ ਦਾ ਸ਼ਬਦ- “ਕਤ ਜਾਈਐ ਰੇ ਘਰ ਲਾਗੋ ਰੰਗੁ? ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ। ਏਕ ਦਿਵਸ ਮਨ ਭਈ ਉਮੰਗ। ਘਸਿ ਚੋਆ ਚੰਦਨ ਬਹੁ ਸੁਗੰਧ। ਪੂਜਨ ਚਾਲੀ ਬ੍ਰਹਮਠਾਇ। ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ। ਜਹਾ ਜਾਈਐ ਤਹ ਜਲ ਪਖਾਨ। ਤੂ ਪੂਰਿ ਰਹਿਓ ਹੈ ਸਭ ਸਮਾਨ। ਬੇਦ ਪੁਰਾਨ ਸਭ ਦੇਖੇ ਜੋਇ। ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ। ਸਤਿਗੁਰ ਮੈ ਬਲਿਹਾਰੀ ਤੋਰ। ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ। ਗੁਰ ਕਾ ਸਬਦੁ ਕਾਟੈ ਕੋਟਿ ਕਰਮ॥” ਰਾਮਾਨੰਦ ਦਾ ਦੇਹਾਂਤ ਸੰਮਤ ੧੫੨੪ ਵਿੱਚ ਕਾਸ਼ੀ ਹੋਇਆ. ਕਈਆਂ ਨੇ ਜਨਮ ਸੰਮਤ ੧੩੫੬ ਅਤੇ ਦੇਹਾਂਤ ੧੪੬੭ ਲਿਖਿਆ ਹੈ, ਜੋ ਭਾਰੀ ਭੁੱਲ ਹੈ.{1834} ਰਾਮਾਨੰਦ ਜੀ ਦੇ ਮੁੱਖ ਚੇਲੇ ੧੨ ਹੋਏ ਹਨ- ਅਨੰਤਾਨੰਦ, ਸੁਰਸੁਰਾਨੰਦ, ਸਖਾਨੰਦ, ਨਰਹਰਯਾਨੰਦ, ਯੋਗਾਨੰਦ, ਪੀਪਾ ਜੀ, ਕਬੀਰ ਜੀ, ਭਾਵਾਨੰਦ, ਸੇਨ (ਸੈਣ), ਧਨੇਸ਼੍ਵਰ, ਗਾਲਵਾਨੰਦ ਅਤੇ ਰਮਾਦਾਸ। 2. ਅਮ੍ਰਿਤਸਰ ਦਾ ਇੱਕ ਸ਼ਾਹੂਕਾਰ, ਜੋ ਮਹਾਰਾਜਾ ਰਣਜੀਤ ਸਿੰਘ ਦੇ ਖਜਾਨੇ ਦਾ ਹਿਸਾਬ ਰਖਦਾ ਸੀ. ਰਿਆਸਤ ਦਾ ਕੁੱਲ ਜਮਾ ਖਰਚ ਇਸੇ ਦੀ ਮਾਰਫਤ ਹੋਇਆ ਕਰਦਾ ਸੀ. ਸਨ ੧੮੦੫ ਵਿੱਚ ਜਦ ਜਸਵੰਤਰਾਉ ਹੁਲਕਰ ਦੀ ਮਹਾਰਾਜਾ ਨਾਲ ਮੁਲਾਕਾਤ ਹੋਈ, ਤਾਂ ਉਸ ਨੇ ਬਾਕਾਯਦਾ ਸਰਕਾਰੀ ਖ਼ਜ਼ਾਨਾ ਰੱਖਣ ਦੀ ਸਲਾਹ ਦਿੱਤੀ, ਪਰ ਮਹਾਰਾਜਾ ਜੰਗਾਂ ਦੇ ਉਲਝੇਵਿਆਂ ਵਿੱਚ ਰੁੱਝਣ ਕਰਕੇ ਆਪਣਾ ਮਾਲੀ ਪ੍ਰਬੰਧ ਕਈ ਵਰ੍ਹੇ ਤਕ ਠੀਕ ਨਹੀਂ ਕਰ ਸਕੇ. ਸਨ ੧੮੦੯ ਵਿੱਚ ਮਹਾਰਾਜਾ ਨੇ ਦੀਵਾਨ ਭਵਾਨੀਦਾਸ ਨੂੰ ਇਸ ਕੰਮ ਤੇ ਲਾਇਆ, ਉਸ ਨੇ ਹਿਸਾਬ ਦੇ ਦਫਤਰ ਬਾਕਾਇਦਾ ਬਣਾਕੇ ਸਰਕਾਰੀ ਖ਼ਜਾਨਾ ਲਹੌਰ ਕਾਇਮ ਕੀਤਾ. Footnotes: {1834} ਰਾਮਾਨੰਦ ਦਿਗਵਿਜਯ ਦੇ ਲੇਖਕ ਭਗਵਤਦਾਸ ਜੀ, ਰਾਮਾਨੰਦ ਜੀ ਦਾ ਜਨਮ ਸਨ ੧੩੦੦ ਦਾ ਅਤੇ ਦੇਹਾਂਤ ਸਨ ੧੪੪੯ ਦਾ ਆਪਣੀ ਖੋਜ ਦਾ ਸਿੱਟਾ ਦੱਸਦੇ ਹਨ. ਇਹ ਬਿਕ੍ਰਮੀ ੧੩੫੭ ਅਤੇ ੧੫੦੬ ਹੁੰਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|