Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਅ਼. [کافی] ਵਿ. ਕਫ਼ਾਯਤ (ਸਰਫਾ) ਕਰਨ ਵਾਲਾ. ਸੰਜਮੀ। 2. ਨਾਮ/n. ਕਰਤਾਰ। 3. ਇੱਕ ਰਾਗਿਣੀ, ਜੋ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਪੰਚਮ ਵਾਦੀ ਅਤੇ ਸ਼ੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਕਈਆਂ ਨੇ ਕਾਫੀ ਨੂੰ ਧਮਾਰ ਨਾਉਂ ਦਿੱਤਾ ਹੈ. ਆਰੋਹੀ- ਸ਼ ਰ ਗਾ ਮ ਪ ਧ ਨਾ ਸ਼. ਅਵਰੋਹੀ- ਸ਼ ਨਾ ਧ ਪ ਮ ਗਾ ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਵੱਖਰੀ ਨਹੀਂ ਲਿਖੀ, ਕਿੰਤੂ ਆਸਾ, ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾਕੇ ਲਿਖੀਗਈ ਹੈ. 4. ਗੀਤ ਦੀ ਇੱਕ ਧਾਰਣਾ. ਅ਼ਰਬੀ ਵਿੱਚ “ਕ਼ਾਫ਼ੀ” [قافی] ਦਾ ਅਰਥ ਹੈ ਪਿੱਛੇ ਚੱਲਣ ਵਾਲਾ. ਅਨੁਚਰ. ਅਨੁਗਾਮੀ. ਛੰਦ ਦਾ ਉਹ ਪਦ, ਜੋ ਸ੍ਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ, ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ “ਕ਼ਾਫ਼ੀ” ਹੈ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸੂਫ਼ੀ ਫ਼ਕ਼ੀਰ ਜੋ ਪ੍ਰੇਮਰਸ ਭਰੇ ਪਦ ਗਾਇਆ ਕਰਦੇ ਹਨ, ਅਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕ਼ਾਫ਼ੀ ਨਾਮ ਤੋਂ ਪ੍ਰਸਿੱਧ ਹਨ. ਦੇਖੋ- ਮੀਆਂਬਖ਼ਸ਼ ਦੀ ਕ਼ਾਫ਼ੀ:- ਮਿਠੜੀ ਪੌਨ ਮੋਰ ਮਨ ਭਾਵੇ, ਕੋਇਲ ਮਸ੍ਤ ਅਵਾਜ਼ ਸੁਨਾਵੇ, ਕੈਸੇ ਗੀਤ ਪਪੀਹਾ ਗਾਵੇ, ਝਿਮ ਝਿਮ ਮੇਘ ਮਲਾਰੇ. ××× ਇਸ ਧਾਰਣਾ ਵਿੱਚ ਤਿੰਨ ਪਦ ਸੋਲਾਂ ਸੋਲਾਂ ਮਾਤ੍ਰਾ ਦੇ ਹਨ, ਅੰਤ ਦਾ ਰਹਾਉ (ਕ਼ਾਫ਼ੀ) ੧੨ ਮਾਤ੍ਰਾ ਦਾ ਹੈ. (ਅ) ਬੁਲ੍ਹੇਸ਼ਾਹ ਫ਼ਕ਼ੀਰ ਦੀਆਂ ਕ਼ਾਫੀਆਂ ਭੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ, ਜੋ ਬਹੁਤ ਚੌਪਈ ਦਾ ਰੂਪ (ਸੋਲਾਂ ਮਾਤ੍ਰਾ ਦੀਆਂ) ਹਨ, ਯਥਾ:- ਉਠ ਜਾਗ ਘੁਰਾੜੇ ਮਾਰ ਨਹੀਂ,- ਤੂੰ ਏਸ ਜਹਾਨੋ ਜਾਵੇਂਗੀ, ਫਿਰ ਕਦਮ ਨ ਏਥੇ ਪਾਵੇਂਗੀ, ਇਹ ਜੋਬਨ ਰੂਪ ਲੁਟਾਂਵੇਗੀ, ਤੂੰ ਰਹਿਣਾ ਵਿੱਚ ਸੰਸਾਰ ਨਹੀਂ.- ਮੁੰਹ ਆਈ ਬਾਤ ਨ ਰਹਿੰਦੀ ਹੈ,- ਉਹ ਸ਼ੌਹ ਅਸਾਥੋਂ ਵੱਖ ਨਹੀਂ, ਬਿਨ ਸ਼ੌਹ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀ, ਇਹ ਜਾਨ ਪਈ ਦੁਖ ਸਹਿੰਦੀ ਹੈ.- (ੲ) ਕਈਆਂ ਨੇ “ਤਾਟੰਕ” ਛੰਦ ਦੀ ਚਾਲ ਨੂੰ ਹੀ “ਕ਼ਾਫ਼ੀ” ਦਾ ਸਰੂਪ ਦੱਸਿਆ ਹੈ, ਪਰ ਇਹ ਸਹੀ ਨਹੀਂ, ਕਿਉਂਕਿ ਕਾਫੀ ਖਾਸ ਛੰਦ ਨਹੀਂ ਹੈ ਕਿੰਤੂ ਗਾਉਣ ਦਾ ਇੱਕ ਢੰਗ ਹੈ। 5. ਅ਼ਰਬ ਮਿਸਰ ਆਦਿਕ ਵਿੱਚ ਹੋਣ ਵਾਲਾ ਇੱਕ ਪੌਦਾ, ਜਿਸ ਨੂੰ ਮਕੋਯ ਜੇਹੇ ਫਲ ਲਗਦੇ ਹਨ. ਇਨ੍ਹਾਂ ਫਲਾਂ ਨੂੰ ਭੁੰਨਕੇ ਆਟਾ ਬਣਾ ਲੈਂਦੇ ਹਨ. ਅਤੇ ਉਸ ਚੂਰਣ ਨੂੰ ਚਾਯ (ਚਾਹ) ਦੀ ਤਰਾਂ ਉਬਾਲਕੇ ਪੀਂਦੇ ਹਨ. ਕਾਹਵਾ. Coffee. ਕਾਫ਼ੀ ਦੀ ਤਾਸੀਰ ਗਰਮ ਖ਼ੁਸ਼ਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|