Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulsee. ਇਕ ਪੌਦਾ ਜਿਸ ਤੇ ਪਤੇ ਦੁਆਈ ਵਜੋਂ ਵੀ ਵਰਤੇ ਜਾਂਦੇ ਹਨ ਤੇ ਪਵਿਤਰ ਵੀ ਸਮਝੇ ਜਾਂਦੇ ਹਨ। sweat basil, ocimum sanctum. ਉਦਾਹਰਨ: ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ Raga Raamkalee, Naamdev, 3, 3:1 (P: 973).
|
English Translation |
n.f. basil, Osmium sanctum.
|
Mahan Kosh Encyclopedia |
ਸੰ. ਨਾਮ/n. ਜੋ ਆਪਣੀ ਤੁਲ੍ਯਤਾ (ਬਰਾਬਰੀ) ਨੂੰ ਫੈਂਕ ਦੇਵੇ, ਸੋ ਤੁਲਸੀ. ਅਰਥਾਤ- ਜਿਸ ਦੇ ਤੁਲ੍ਯ ਹੋਰ ਬੂਟਾ ਨਹੀਂ. ਤੁਲਸੀ ਮਰੂਏ ਦੀ ਕ਼ਿਸਮ ਦਾ ਇੱਕ ਚਰਪਰਾ ਪੌਦਾ ਹੈ. ਇਸ ਦੇ ਪੱਤੇ ਕਫ ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਹਨ. ਵੈਦ ਤਪ ਆਦਿਕ ਕਈ ਰੋਗਾਂ ਵਿੱਚ ਤੁਲਸੀ ਵਰਤਦੇ ਹਨ. ਜੇ ਤੁਲਸੀ ਦੇ ਪੱਤੇ ਚਾਯ ਵਾਂਙ ਉਬਾਲਕੇ ਦੁੱਧ ਅਤੇ ਮਿੱਠਾ ਮਿਲਾਕੇ ਪੀਤੇ ਜਾਣ ਤਾਂ ਮੇਦੇ ਅਤੇ ਫਿਫੜੇ ਦੇ ਅਨੇਕ ਰੋਗ ਦੂਰ ਹੋਂਦੇ ਹਨ. L. Ocymum Sacrum. ਅੰ. Sweet basil. ਵੈਸ਼ਨਵ ਧਰਮ ਅਨੁਸਾਰ ਇਸ ਨੂੰ ਬਹੁਤ ਹੀ ਪਵਿਤ੍ਰ ਮੰਨਿਆ ਹੈ ਅਰ ਸ਼ਾਲਗ੍ਰਾਮ ਦੀ ਪੂਜਾ ਤਾਂ ਬਿਨਾ ਤੁਲਸੀ ਹੋ ਹੀ ਨਹੀਂ ਸਕਦੀ. ਬ੍ਰਹ੍ਮਵੈਵਰਤ ਪੁਰਾਣ ਵਿੱਚ ਕਥਾ ਹੈ ਕਿ ਗੋਲੋਕ ਵਿੱਚ ਤੁਲਸੀ ਨਾਮ ਦੀ ਇੱਕ ਰਾਧਾ ਦੀ ਸਖੀ ਸੀ. ਇੱਕ ਦਿਨ ਕ੍ਰਿਸ਼ਨ ਜੀ ਨਾਲ ਤੁਲਸੀ ਨੂੰ ਕੇਲ ਕਰਦੇ ਦੇਖਕੇ ਰਾਧਾ ਨੇ ਸ੍ਰਾਪ ਦਿੱਤਾ ਕਿ ਤੂੰ ਮਨੁੱਖ ਸ਼ਰੀਰ ਧਾਰਣ ਕਰ. ਇਸ ਪੁਰ ਤੁਲਸੀ ਰਾਜਾ ਧਰਮਧ੍ਵਜ ਦੀ ਕੰਨ੍ਯਾ ਹੋਈ, ਅਤੇ ਸ਼ੰਖਚੂੜ ਰਾਖਸ ਨਾਲ ਵਿਆਹ ਹੋਇਆ. ਸ਼ੰਖਚੂੜ ਨੂੰ ਇਹ ਵਰ ਮਿਲਿਆ ਹੋਇਆ ਸੀ ਕਿ ਜਦ ਤੀਕ ਉਸ ਦੀ ਇਸਤ੍ਰੀ ਦਾ ਸਤ ਭੰਗ ਨਹੀਂ ਹੋਊ, ਓਦੋਂ ਤੀਕ ਉਸ ਨੂੰ ਕੋਈ ਨਹੀਂ ਜਿੱਤ ਸਕੇਗਾ. ਸ਼ੰਖਚੂੜ ਨੇ ਸਾਰੇ ਦੇਵਤੇ ਜਿੱਤ ਲਏ ਅਰ ਤਿੰਨ ਲੋਕਾਂ ਦਾ ਮਾਲਿਕ ਬਣ ਗਿਆ. ਦੇਵਤਿਆਂ ਨੇ ਵਿਸ਼ਨੁ ਦੀ ਸ਼ਰਣ ਲਈ ਅਤੇ ਸਹਾਇਤਾ ਮੰਗੀ. ਵਿਸ਼ਨੁ ਨੇ ਸ਼ੰਖਚੂੜ ਦਾ ਭੇਸ ਧਾਰਕੇ ਤੁਲਸੀ ਦਾ ਸਤ ਭੰਗ ਕੀਤਾ. ਤੁਲਸੀ ਨੇ ਵਿਸ਼ਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਪੱਥਰ ਹੋਜਾ. ਵਿਸ਼ਨੁ ਨੇ ਆਖਿਆ ਕਿ ਤੂੰ ਭੀ ਇਸ ਸ਼ਰੀਰ ਨੂੰ ਛੱਡਕੇ ਸਦਾ ਲਕ੍ਸ਼ਮੀ ਵਾਂਙ ਮੇਰੀ ਪ੍ਯਾਰੀ ਰਹੇਂਗੀ. ਤੇਰੇ ਸ਼ਰੀਰ ਤੋਂ ਗੰਡਕਾ ਨਦੀ ਅਤੇ ਕੇਸ਼ਾਂ ਤੋਂ ਤੁਲਸੀ ਦਾ ਬੂਟਾ ਹੋਵੇਗਾ. ਦੋਹਾਂ ਦੇ ਪਰਸਪਰ ਸ੍ਰਾਪ ਦੇ ਕਾਰਣ ਵਿਸ਼ਨੁ ਸ਼ਾਲਗ੍ਰਾਮ ਹੋਏ, ਜੋ ਗੰਡਕਾ ਨਦੀ ਵਿੱਚੋਂ ਮਿਲਦੇ ਹਨ ਅਤੇ ਤੁਲਸੀ ਬੂਟਾ ਬਣੀ. ਦੇਖੋ- ਜਲੰਧਰ ਸ਼ਬਦ. ਬਹੁਤ ਵੈਸ਼ਨ ਤੁਲਸੀ ਅਤੇ ਸ਼ਾਲਗ੍ਰਾਮ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਅਰ ਤੁਲਸੀ ਦੀ ਲੱਕੜ ਦੀ ਮਾਲਾ ਅਤੇ ਕੰਠੀ ਪਹਿਰਦੇ ਹਨ. ਤੁਲਸੀ ਦਾ ਖ਼ਾਸ ਕਰਕੇ ਪੂਜਨ ਕੱਤਕ ਬਦੀ ਅਮਾਵਸ (ਮੌਸ) ਨੂੰ ਹੁੰਦਾ ਹੈ ਕਿਉਂਕਿ ਇਹ ਤਿਥਿ ਤੁਲਸੀ ਦੇ ਜਨਮ ਦੀ ਮੰਨੀਗਈ ਹੈ. ਤੁਲਸੀ ਦੇ ਸੰਸਕ੍ਰਿਤ ਨਾਮ ਹਨ- ਵਿਸ਼ਨੁਵੱਲਭਾ, ਹਰਿਪ੍ਰਿਯਾ, ਵ੍ਰਿੰਦਾ, ਪਾਵਨੀ, ਵਹੁਪਤ੍ਰੀ, ਸ਼੍ਯਾਮਾ, ਤ੍ਰਿਦਸ਼ ਮੰਜਰੀ, ਮਾਧਵੀ, ਅਮ੍ਰਿਤਾ, ਸੁਰਵੱਲੀ. “ਨਾ ਸੁਚਿ ਸੰਜਮ ਤੁਲਸੀ ਮਾਲਾ.” (ਮਾਰੂ ਸੋਲਹੇ ਮਃ ੫) 2. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ। 3. ਦੇਖੋ- ਤੁਲਸੀਦਾਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|