Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaᴺdav. ਰਾਜਾ ਪਾਂਡੁ ਦੀ ਔਲਾਦ। Pandwas. ਉਦਾਹਰਨ: ਰੋਵਹਿ ਪਾਂਡਵ ਭਏ ਮਜੂਰ ॥ Raga Raamkalee 3, Vaar 14 Salok 1, 1:9 (P: 954).
|
Mahan Kosh Encyclopedia |
ਪਾਂਡੁ ਰਾਜਾ ਦਾ ਵੰਸ਼. ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ:- ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿਗਈਆਂ. ਇਸ ਪੁਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ{1354} ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸ਼੍ਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਗਿਆ, ਇਸ ਕਰਕੇ ਉਸ ਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ. ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸ਼ਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰਜਾਵੇਗਾ. ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ਼੍ਠਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸ਼ਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋਗਈ ਅਰ ਧ੍ਰਿਤਰਾਸ਼੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ.{1355} ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍ਥ (ਦਿੱਲੀ) ਸੀ. “ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ.” (ਮਃ ੧ ਵਾਰ ਰਾਮ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸ਼ਨਦੇਵ ਰਹਿਂਦੇ ਸਨ। 2. ਜੇਹਲਮ ਨਦੀ ਕਿਨਾਰੇ ਦਾ ਦੇਸ਼। 3. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ. ਦੇਖੋ- ਯੁਧਿਸ਼੍ਠਿਰ. Footnotes: {1354} ਦੇਖੋ- ਨਿਯੋਗ. {1355} ਦੇਖੋ- ਕੁਰੁਵੰਸ਼.
Mahan Kosh data provided by Bhai Baljinder Singh (RaraSahib Wale);
See https://www.ik13.com
|
|