Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samuḋar. ਸਮੁੰਦਰ, ਸਾਗਰ। ocean, sea. ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ Sava-eeay of Guru Ramdas, Nal-y, 5:3 (P: 1399).
|
Mahan Kosh Encyclopedia |
ਸੰ. ਨਾਮ/n. ਸਮ੍-ਉਂਦ. ਜੋ ਚੰਗੀ ਤਰਾਂ ਉਂਦ (ਗਿੱਲਾ) ਕਰੇ, ਸੋ ਸਮੁਦ੍ਰ ਹੈ.{279} ਸਾਗਰ. ਜਲਨਿਧਿ. ਉਦਧਿ. ਸਿੰਧੁ. ਪਯੋਧਿ. ਨੀਰਧਿ. ਰਤਨਾਕਰ. ਇਹ ਉਹ ਜਲ ਦਾ ਪੁੰਜ ਹੈ, ਜਿਸ ਨੇ ਸਾਰੀ ਪ੍ਰਿਥਿਵੀ ਦਾ ਤਕਰੀਬਨ ੩/੫ ਵਾਂ ਹਿੱਸਾ ਰੋਕਿਆ ਹੋਇਆ ਹੈ. ਵਿਦ੍ਵਾਨਾਂ ਨੇ ਇਸ ਦੇ ਪੰਜ ਭਾਗ ਕਲਪ ਲਏ ਹਨ- (ੳ) ਪਹਿਲਾ ਭਾਗ, ਜੋ ਅਮਰੀਕਾ ਤੋਂ ਯੂਰਪ ਅਤੇ ਅਫਰੀਕਾ ਦੇ ਮੱਧ ਤੀਕ ਫੈਲਿਆ ਹੋਇਆ ਹੈ ਇਸ ਦੀ ਏਟਲਾਂਟਿਕ{280} (Atlantic) ਸੰਗ੍ਯਾ ਹੈ. (ਅ) ਅਮਰੀਕਾ ਅਤੇ ਏਸ਼ੀਆ ਦੇ ਮੱਧ ਦਾ ਸਮੁੰਦਰ ਪੈਸਿਫਿਕ{281} (Pacific) ਸੱਦੀਦਾ ਹੈ. (ੲ) ਜੋ ਅਫਰੀਕਾ ਤੋਂ ਭਾਰਤ ਅਤੇ ਆਸਟ੍ਰੇਲੀਆ ਤਕ ਵਿਸਤਾਰ ਰਖਦਾ ਹੈ ਉਹ ਇੰਡੀਅਨ ਓਸ਼ਨ (Indian Ocean){282} ਆਖੀਦਾ ਹੈ. (ਸ) ਜੋ ਏਸ਼ੀਆ ਯੂਰਪ ਅਤੇ ਅਮਰੀਕਾ ਦੇ ਉੱਤਰ ਅਰ ਉੱਤਰੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਆਰਕਟਿਕ{283} (Arctic) ਸਮੁੰਦਰ ਹੈ. (ਹ) ਜੋ ਦੱਖਣੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਏਂਟਾਰਟਿਕ{284} (Antartic) ਸਾਗਰ ਹੈ. ਜੇ ਵਿਚਾਰ ਨਾਲ ਵੇਖਿਆ ਜਾਵੇ ਤਾਂ ਦੱਖਣੀ ਅਤੇ ਉੱਤਰ ਦੇ ਹੀ ਸਮੁੰਦਰ ਹਨ, ਬਾਕੀ ਤਿੰਨ ਇਨ੍ਹਾਂ ਦੋਹਾਂ ਵਿੱਚ ਹੀ ਸਮਾਏ ਹੋਏ ਹਨ. ਸਮੁੰਦਰ ਦੇ ਛੋਟੇ ਛੋਟੇ ਹਿੱਸੇ ਜੋ ਖੁਸ਼ਕੀ ਦੇ ਅੰਦਰ ਚਲੇਗਏ ਹਨ, ਉਨਾਂ ਦੀ ਖਾਡੀ ਸੰਗ੍ਯਾ ਹੈ, ਜਿਵੇਂ- ਬੰਗਾਲ ਦੀ ਖਾਡੀ. ਸਮੁੰਦਰ ਦੀ ਡੁੰਘਿਆਈ ਹਰ ਥਾਂ ਇੱਕੋ ਜੇਹੀ ਨਹੀਂ, ਪਰ ਵੱਧ ਤੋਂ ਵੱਧ ਤੀਸ ਹਜਾਰ ਫੁੱਟ ਡੂੰਘਾ ਹੈ. ਸਮੁੰਦਰ ਦੀ ਲਹਿਰਾਂ ਦਾ ਰੁੱਤਾਂ ਉਤੇ ਬਹੁਤ ਅਸਰ ਹੁੰਦਾ ਹੈ. ਇਸ ਦਾ ਪਾਣੀ ਭੂਗੋਲ ਦੀ ਅਕ੍ਸ਼ ਅੰਸ਼ਾਂ ਅਨੁਸਾਰ ਕਿਤੇ ਘੱਟ ਤੱਤਾ ਕਿਤੇ ਵੱਧ ਅਤੇ ਕਿਤੇ ਬਹੁਤ ਠੰਢਾ ਹੈ. ਧ੍ਰੁਵਾਂ ਦੇ ਆਸ ਪਾਸ ਦਾ ਸਮੁੰਦਰ ਬਹੁਤ ਹੀ ਠੰਢਾ ਹੈ. ਪਰ ਗੁਣ ਦੇ ਵਿਚਾਰ ਨਾਲ ਹਰ ਥਾਂ ਦਾ ਪਾਣੀ ਇੱਕੋ ਜੇਹਾ ਹੈ. ਵਿਦ੍ਵਾਨਾਂ ਨੇ ਇਸ ਦੇ ਜਲ ਵਿੱਚ ਉਂਨੀ ਤੱਤ ਵੱਖ ਵੱਖ ਮੰਨੇ ਹਨ, ਜਿਨਾਂ ਵਿੱਚੋਂ ਖਾਰ (ਲੂਣ) ਪ੍ਰਧਾਨ ਹੈ, ਸਮੁੰਦਰ ਦੇ ਪਾਣੀ ਦੀ ਦਾਬ ਹਰ ੩੩ ਫੁਟ ਦੀ ਗਹਿਰਾਈ ਤੇ ੭੧/੨ ਸੇਰ ਫੀ ਮੁਰੱਬਾ ਇੰਚ ਦੇ ਹਿਸਾਬ ਵਧਦੀ ਜਾਂਦੀ ਹੈ. ਇਸ ਤਰਾਂ ੧੨੦੦੦ ਫੁਟ ਦੀ ਗਹਿਰਾਈ ਤੇ ਪਾਣੀ ਦੀ ਦਾਬ ੭੦ ਮਣ ਫੀ ਮੁਰੱਬਾ ਇੰਚ ਹੈ. ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਸਮੁੰਦਰ ਦੇ ਪਾਣੀ ਵਿੱਚ ੩੩੦ ਫੁੱਟ ਦੀ ਡੂੰਘ ਤਕ ਚੰਗਾ ਪੈਂਦਾ ਹੈ, ਫੇਰ ਘਟਣ ਲਗਦਾ ਹੈ ਅਰ ੫੫੮੦ ਤੋਂ ਅੱਗੇ ਪੂਰਾ ਅੰਧੇਰਾ ਹੁੰਦਾ ਹੈ. ਚੰਦ੍ਰਮਾ ਦੇ ਘਟਣ ਵਧਣ ਦਾ ਸਮੁੰਦਰ ਦੇ ਜਲ ਤੇ ਬਹੁਤ ਅਸਰ ਹੁੰਦਾ ਹੈ. ਦੇਖੋ- ਜ੍ਵਾਰਭਾਟਾ. ਇਸ ਸਮੇ ਸਾਗਰਵਿਦ੍ਯ (Oceanography) ਵਿੱਚ ਅਪਾਰ ਤਰੱਕੀ ਹੋਈ ਹੈ ਅਤੇ ਅਜੇਹੇ ਯੰਤ੍ਰ ਬਣਾਏਗਏ ਹਨ ਜਿਨ੍ਹਾਂ ਤੋਂ ਸਮੁੰਦਰ ਦੀ ਗਹਿਰਾਈ, ਖਾਰ ਦੀ ਅਧਿਕਤਾ, ਤਰੰਗਾਂ ਦੀ ਚਾਲ, ਤਾਪ ਆਦਿਕ ਦਾ ਪੂਰਾ ਗ੍ਯਾਨ ਹੁੰਦਾ ਹੈ. ਪੁਰਾਣਾਂ ਵਿੱਚ ਸਮੁੰਦਰ ਸੱਤ ਲਿਖੇ ਹਨ. ਦੇਖੋ- ਸਪਤ ਸਾਗਰ ਅਤੇ ਇਸ ਦੀ ਉਤਪੱਤੀ ਦਾ ਨਿਰਣਾ ਦੇਖੋ- ਸਗਰ ਸ਼ਬਦ ਵਿੱਚ. “ਖਾਰ ਸਮੁਦ੍ਰ ਢੰਢੋਲੀਐ” (ਮਾਰੂ ਅ: ਮਃ ੧) 2. ਸੱਤ ਦੀ ਗਿਣਤੀ ਦਾ ਬੋਧਕ ਕਿਉਂਕਿ ਸਮੁੰਦਰ ਸੱਤ ਮੰਨੇ ਹਨ। 3. ਨਿਘੰਟੁ ਵਿੱਚ ਸਮੁਦ੍ਰ ਦਾ ਅਰਥ ਆਕਾਸ਼ ਭੀ ਕੀਤਾ ਹੈ। 4. ਖ਼ਾ. ਦੁੱਧ। 5. ਵਿ. ਮੁਦ੍ਰਾ (ਮੁਹਰਛਾਪ) ਸਹਿਤ। 6. ਰੁਪਯੇ ਪੈਸੇ ਵਾਲਾ. ਧਨੀ. Footnotes: {279} ਮਤਸ੍ਯ ਪੁਰਾਣ ਵਿੱਚ ਲਿਖਿਆ ਹੈ ਕਿ ਚੰਦ ਚੜ੍ਹਨ ਪੁਰ ਸਮਦ੍ਰ ਹੁੰਦਾ (ਵਧਦਾ) ਹੈ ਅਤੇ ਚੰਦ ਦੇ ਅਸ੍ਤ ਹੋਣ ਪੁਰ ਜੋ ਸਮੁਦ੍ਰ ਹੁੰਦਾ (ਘਟਦਾ) ਹੈ, ਉਹ ਸਮੁਦ੍ਰ ਹੈ. {280} ਮਹਾ ਸਾਗਰ. {281} ਸ਼ਾਂਤ. {282} ਭਾਰਤੀਯ ਸਾਗਰ. {283} ਉੱਤਰੀ ਸਮੁਦ੍ਰ. {284} ਦੱਖਣੀ ਸਾਗਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|